AK-47 ਫਾਇਰਿੰਗ ਮਾਮਲੇ ਵਿਚ ਸਿੱਧੂ ਮੂਸੇਵਾਲਾ ਸਣੇ 5 ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ, DSP ਸਸਪੈਂਡ
AK-47 ਫਾਇਰਿੰਗ ਮਾਮਲੇ ਵਿਚ ਸਿੱਧੂ ਮੂਸੇਵਾਲਾ ਸਣੇ 5 ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ, DSP ਸਸਪੈਂਡ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਣੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਇਹ ਮੂਸੇਵਾਲੇ ਨੂੰ AK-47 ਚਲਾਉਣ ਦੀ ਟਰੇਨਿੰਗ ਦੇ ਰਹੇ ਸਨ। ਇਹ ਕੇਸ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਡੀਐਸਪੀ ਹੈਡਕੁਆਟਰ ਸੰਗਰੂਰ, ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਡੀਜੀਪੀ ਨੇ ਐਸਐਸਪੀ ਸੰਗਰੂਰ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਮੁਢਲੀ ਜਾਂਚ ਵਿਚ ਪਾਇਆ ਕਿ ਡੀਐਸਪੀ ਨੇ ਪਿੰਡ ਬੱਬਰ ਵਿੱਚ ਫਾਇਰਿੰਗ ਰੇਂਜ ਵਿਚ ਇਸ ਮਾਮਲੇ ਵਿੱਚ ਸਹਾਇਤਾ ਕੀਤੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜ ਵਿਚ ਕਰਫਿਊ ਲੱਗਾ ਹੋਇਆ ਹੈ। ਰਿਪੋਰਟ ਮਿਲਣ 'ਤੇ ਡੀਐਸਪੀ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਇਹ ਅਪਰਾਧਿਕ ਕੇਸ, ਐਫਆਈਆਰ ਨੰ. 57 ਮਿਤੀ 4.5.20 ਨੂੰ ਧਾਰਾ 188 ਆਈ.ਪੀ.ਸੀ ਤਹਿਤ ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 51 ਤਹਿਤ ਥਾਣਾ ਧਨੌਲਾ, ਜ਼ਿਲ੍ਹਾ ਬਰਨਾਲਾ ਵਿਖੇ ਸਿੱਧੂ ਮੂਸੇਵਾਲਾ, ਕਰਮ ਸਿੰਘ ਲੇਹਲ ਸੰਗਰੂਰ, ਇੰਦਰ ਸਿੰਘ ਗਰੇਵਾਲ, ਸੰਗਰੂਰ, ਜੰਗ ਸ਼ੇਰ ਸਿੰਘ ਸਣੇ 5 ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿਚ ਇਕ ਸਬ-ਇੰਸਪੈਕਟਰ, ਦੋ ਹੈਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ, ਉਤੇ ਦਰਜ ਕੀਤਾ ਗਿਆ ਹੈ। ਪੁਲਿਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੇ ਪੁਲਿਸ ਅਧਿਕਾਰੀ ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀਐਸਪੀ ਦਲਜੀਤ ਸਿੰਘ ਵਿਰਕ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰਨ ਲਈ ਰਾਜ ਦੇ ਗ੍ਰਹਿ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਸਿੱਧੂ ਮੂਸੇਵਾਲੇ ਨੂੰ ਪੰਜਾਬ ਪੁਲਿਸ AK-47 ਚਲਾਉਣ ਦੀ ਟਰੇਨਿੰਗ ਦੇ ਰਹੀ ਹੈ। ਸਿੱਧੂ ਮੂਸੇਵਾਲਾ ਖੁਦ ਨਿਸ਼ਾਨਾ ਲਗਾਉਂਦੇਂ ਦੀ ਵੀਡਿਉ ਵਾਇਰਲ ਹੋ ਗਈ। ਇਹ ਵੀਡਿਉ ਵਾਇਰਲ ਹੋਣ ਨਾਲ ਪੁਲਿਸ ਵਿਚ ਹੜਕੰਪ ਮਚ ਗਿਆ।
Comments
Post a Comment