ਪਠਾਨਕੋਟ ਦੀ ਡਾਕਟਰ ਨੂੰ ਹੋਇਆ Corona, ਪੰਜਾਬ ’ਚ ਕੁਲ ਮਾਮਲੇ 299


        
 ਪਠਾਨਕੋਟ ਦੀ ਡਾਕਟਰ ਨੂੰ ਹੋਇਆ Corona, ਪੰਜਾਬ ’ਚ ਕੁਲ ਮਾਮਲੇ 299

Doctor found Corona Positive in Pathankot : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਵਧਦਾ ਜਾ ਰਿਹਾ ਹੈ ਤੇ ਇਸ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਪਠਾਨਕੋਟ ਜ਼ਿਲ੍ਹਾ ਹੈੱਡਕੁਆਰਟਰਜ਼ ਦੀ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਂਝ ਇਸ ਡਾਕਟਰ ਵਿਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਜਿਵੇਂ ਖੰਘ, ਜ਼ੁਕਾਮ ਜਾਂ ਸਾਹ ਲੈਣ ’ਚ ਔਖ ਆਦਿ ਕੁਝ ਨਹੀਂ ਨਜ਼ਰ ਆਏ। ਪਠਾਨਕੋਟ ਜ਼ਿਲ੍ਹੇ ਦੇ ਸਿਵਲ ਸਰਨ ਡਾ. ਵਿਨੋਦ ਸਰੀਨ ਨੇ ਇਸ ਤਾਜ਼ਾ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਸ ਪਾਜ਼ਿਟਿਵ ਡਾਕਟਰ ਦੇ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਦੀ ਭਾਲ਼ ਸ਼ੁਰੂ ਕਰ ਦਿੱਤੀ ਗਈ ਹੈ। ਇੰਝ ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 299 ਹੋ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ’ਚ 11 ਨਵੇਂ ਕੋਰੋਨਾ–ਪਾਜ਼ੀਟਿਵ ਮਰੀਜ਼ ਪਾਏ ਗਏ ਸਨ; ਜਿਨ੍ਹਾਂ ਛੇ ਇਕੱਲੇ ਰਾਜਪੁਰਾ ਤੋਂ ਹਨ। ਦੋ ਮਾਨਸਾ ਤੋਂ, ਇੱਕ–ਇੱਕ ਮਰੀਜ਼ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ ਹਨ। ਰਾਜਪੁਰਾ ਹੁਣ ਪੰਜਾਬ ਦਾ ਨਵਾਂ ਕੋਵਿਡ–19 ਹੌਟ–ਸਪੌਟ ਬਣ ਗਿਆ ਹੈ। ਪਟਿਆਲਾ ਜ਼ਿਲ੍ਹੇ ’ਚ ਹੁਣ ਤੱਕ 55 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 36 ਇਕੱਲੇ ਰਾਜਪੁਰਾ ਤੋਂ ਹੀ ਹਨ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਵੀਰਵਾਰ ਨੂੰ 58 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 6 ਕੱਲ੍ਹ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਏ ਗਏ ਸਨ।
 ਜਲੰਧਰ ’ਚ ਵੀ ਕੱਲ੍ਹ ਕੋਰੋਨਾ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਤੇ ਹੁਣ ਇਸ ਜ਼ਿਲ੍ਹੇ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 63 ਹੋ ਗਈ ਹੈ। ਜਲੰਧਰ ਸਿਹਤ ਵਿਭਾਗ ਦੇ ਨੋਡਲ ਅਧਿਕਾਰੀ ਡਾ. ਟੀਪੀਐੱਸ ਸੰਧੂ ਨੇ ਦੱਸਿਆ ਕਿ ਬਸਤੀ ਬਾਵਾਖੇਲ ਦੇ ਨਵੇਂ ਰਾਜ ਨਗਰ ਦਾ 36 ਸਾਲਾ ਨਿਵਾਸੀ ਜਲੰਧਰ ਦੇ ਇੱਕ ਮੀਡੀਆ ਹਾਊਸ ਦਾ ਕਰਮਚਾਰੀ ਹੈ, ਜੋ ਰਾਜਾ ਗਾਰਡਨ ਦੇ ਉਸ 40 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ’ਚ ਰਿਹਾ ਹੈ, ਜਿਹੜਾ ਪਹਿਲਾਂ ਪਾਜ਼ਿਟਿਵ ਪਾਇਆ ਗਿਆ ਸੀ। ਉੱਧਰ ਲੁਧਿਆਣਾ ’ਚ ਕੁਝ ਦਿਨ ਪਹਿਲਾਂ ਜ਼ਿਲ੍ਹਾ ਮੰਡੀ ਅਫ਼ਸਰ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ, ਉਸ ਦੀ 35 ਸਾਲਾ ਧੀ ਵੀ ਹੁਣ ਪਾਜ਼ਿਟਿਵ ਪਾਈ ਗਈ ਸੀ।

Comments