ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਾਲੇ 4 ਮਰੀਜ਼ਾਂ ਨੇ ਜਿੱਤੀ ਕੋਰੋਨਾ ਖਿਲਾਫ ਜੰਗ


ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਾਲੇ 4 ਮਰੀਜ਼ਾਂ ਨੇ ਜਿੱਤੀ ਕੋਰੋਨਾ          ਖਿਲਾਫ ਜੰਗ

4 patients contacted : ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚੋਂ ਮਿਲੇ ਉਨ੍ਹਾਂ ਦੇ ਚਾਰ ਨਜ਼ਦੀਕੀਆਂ ਨੇ ਕੋਰੋਨਾ ਨੂੰ ਹਰਾਉਣ ਵਿਚ ਕਾਮਯਾਬੀ ਪ੍ਰਾਪਤ ਕਰ ਲਈ ਹੈ। ਅੱਜ ਇੰਨਾਂ 4 ਵਿਅਕਤੀਆਂ ਨੂੰ ਜਿਨ੍ਹਾਂ ਵਿਚ ਇਕ 9 ਸਾਲ ਦਾ ਬੱਚਾ ਵੀ ਹੈ, ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਭਾਈ ਖਾਲਸਾ ਦੇ ਪਰਿਵਾਰ ਵਿਚੋਂ 5 ਮੈਂਬਰਾਂ ਨੂੰ ਕੋਵਿਡ-19 ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ। ਫਿਰ ਉਕਤ ਪਰਿਵਾਰਕ ਮੈਂਬਰਾਂ ਦੀ ਮੰਗ ਉਤੇ ਉਨਾਂ ਨੂੰ ਫੋਰਟਿਸ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੋਂ ਅੱਜ ਭਾਈ ਦਰਸ਼ਨ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੈਂਬਰਾਂ ਗੁਰਮੀਤ ਕੌਰ (65), ਸੁਖਬੀਰ ਕੌਰ (52), ਪਲਵਿੰਦਰ ਸਿੰਘ (29) ਅਤੇ ਤਨਵੀਰ ਸਿੰਘ (9) ਸਾਲ ਉਮਰ ਨੂੰ ਅੱਜ ਦੋ ਟੈਸਟ ਨੈਗਟਿਵ ਆਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।



ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸ਼ੁਭ ਇਛਾਵਾਂ ਦੇਣ ਲਈ ਉਚੇਚੇ ਤੌਰ ਉਤੇ ਹਸਪਤਾਲ ਪੁੱਜੇ SDM ਸ਼੍ਰੀ ਸ਼ਿਵਰਾਜ ਸਿੰਘ ਬੱਲ ਨੇ ਸਾਰਿਆਂ ਨੂੰ ਫੁੱਲਾਂ ਦੇ ਗੁਲਦਸਤੇ, ਮਾਸਕ ਅਤੇ ਸੈਨੇਟਾਈਜਰ ਰਸਮੀ ਤੌਰ ਉਤੇ ਜਾਗਰੂਕਤਾ ਫੈਲਾਉਣ ਲਈ ਦਿੱਤੇ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਘਰਾਂ ਨੂੰ ਚੱਲੇ ਹੋ ਅਤੇ ਕੋਵਿਡ-19 ਦੇ ਸਾਰੇ ਮਰੀਜ਼ਾਂ ਲਈ ਆਸ ਦੀ ਕਿਰਨ ਬਣੋਗੇ, ਕਿ ਕੋਰੋਨਾ ਜੇਕਰ ਹੋ ਜਾਵੇ ਤਾਂ ਡਰਨ ਦੀ ਲੋੜ ਨਹੀਂ, ਇਸ ਨੂੰ ਹਰਾਇਆ ਵੀ ਜਾ ਸਕਦਾ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਐਚ. ਪੀ. ਸਿੰਘ ਨੇ ਵੀ ਹਸਪਤਾਲ ਤੋਂ ਛੁੱਟੀ ਮਿਲਣ ਉਤੇ ਸਾਰਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਆਮ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਕੋਰੋਨਾ ਤੋਂ ਜਾਗਰੂਕ ਹੋਣ ਦੀ ਲੋੜ ਹੈ, ਡਰਨ ਦੀ ਨਹੀਂ। ਇਸ ਨੂੰ ਹਰਾਉਣ ਲਈ ਸਭ ਤੋਂ ਵਧ ਵਿਅਕਤੀ ਦੀ ਆਪਣੀ ਇੱਛਾ ਸ਼ਕਤੀ ਹੈ। ਜੇਕਰ ਦ੍ਰਿੜ੍ਹ ਸੰਕਲਪ ਮਜ਼ਬੂਤ ਹੈ ਤਾਂ ਇਸ ਨੂੰ ਹਰਾਇਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕੋਵਿਡ-19 ਨੂੰ ਹਰਾਉਣ ਲਈ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਲਈ Social Distancing ਦਾ ਪਾਲਣਾ ਕਰਨੀ ਚਾਹੀਦੀ ਹੈ ਤੇ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਇਸ ਵਾਇਰਸ ਨੂੰ ਹੋਰ ਵਧਣ ਤੋਂ ਕੰਟਰੋਲ ਕੀਤਾ ਜਾ ਸਕੇ।


Comments