ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਕੀਤੇ ਖੁਲਾਸੇ |
ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਸਚਿਨ ਬਿਸ਼ਨੋਈ ਨੇ ਦੱਸਿਆ ਕਿ ਅਗਸਤ 2021 ‘ਚ ਉਹ ਅਤੇ ਲਾਰੈਂਸ ਬਿਸ਼ਨੋਈ ਅਜਮੇਰ ਜੇਲ੍ਹ ‘ਚ ਬੰਦ ਸੀ, ਇੱਥੇ ਉਸ ਨੂੰ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਵੇਗਾ। ਸਚਿਨ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿਚ ਨਾ ਜਾਣ ਲਈ ਕਿਹਾ ਸੀ ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਹੈ, ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਕਬੱਡੀ ਕੱਪ ਵਿਚ ਗਿਆ।
ਬਾਅਦ ਵਿਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੂੰ ਰੋਕਣ ਦੇ ਬਾਵਜੂਦ ਕਬੱਡੀ ਕੱਪ ਵਿਚ ਕਿਉਂ ਗਿਆ। ਲਾਰੈਂਸ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਨਾਲ ਗਾਲੀ ਗਲੋਚ ਵੀ ਹੋਈ ਸੀ। ਸਿੱਧੂ ਮੂਸੇਵਾਲਾ ਨੇ ਵੀ ਜਵਾਬ ਵਿਚ ਇਹੋ ਕੁਝ ਕੀਤਾ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਸ਼ਿਕਾਇਤ ਕੀਤੀ। ਜਦੋਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ ‘ਚ ਕਿਉਂ ਗਿਆ ਤਾਂ ਮੂਸੇਵਾਲਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਹੋਰ ਗੱਲ ਕਰਨੀ ਹੈ ਤਾਂ ਕਰੋ ਅਤੇ ਆਪਣੇ ਬਾਪ ਨੂੰ ਬੋਲ ਦਿਓ ਜੋ ਕਰਨਾ ਹੈ ਕਰ ਲਵੋ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਸ਼ੁਰੂ ਹੋਈ ਸੀ। ਇਸ ਪੁੱਛਗਿੱਛ ਵਿਚ ਕਈ ਹੋਰ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ।
Comments
Post a Comment